ਟੈਲੀਸਕੋਪ (Telescope ) ਨਾਲ ਚੰਦ ਤਾਰਿਆਂ ਦੀ ਸੈਰ
ਚੰਦ ਤਾਰਿਆਂ ਨੂੰ ਨੇੜੇ ਤੋਂ ਦੇਖਣ ਦੀ ਰੁਚੀ ਰੱਖਣ ਵਾਲਿਆਂ ਲਈ ਲੇਖਕ ਨੇ ਆਪਣੇ ਨਿੱਜੀ ਤਜਰਬੇ ਨਾਲ ਟੈਲੀਸਕੋਪ (Telescope) ਦੀ ਵਰਤੋਂ ਅਤੇ ਇਸ ਦੇ ਗੁਣਾਂ ਬਾਰੇ ਬੜੇ ਆਸਾਨ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਹ ਜਾਣਕਾਰੀ ਲੇਖਕ ਨੇ ਫੇਸਬੁੱਕ ਦੇ ਗਰੁੱਪ “ਵਿਗਿਆਨਿਕ ਖੋਜਾਂ ਅਤੇ ਕਾਢਾਂ (SID)” ਤੇ ਸਾਂਝੀ ਕੀਤੀ ਅਤੇ ਉਹਨਾਂ ਦੀ ਸਹਿਮਤੀ ਨਾਲ ਇਥੇ ਸਾਂਝੀ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਹ ਜਾਣਕਾਰੀ ਵਿਦਿਆਰਥੀਆਂ ਤੋਂ ਇਲਾਵਾ ਵੱਡਿਆਂ ਲਈ ਵੀ ਲਾਭਕਾਰੀ ਹੋਵੇਗੀ। -Admin
ਮੈਂ ਇੱਕ ਟੈਲੀਸਕੋਪ ਅਗਸਤ-2021 ਤੋਂ ਵਰਤ ਰਿਹਾ ਹਾਂ, ਜਿਸਦਾ ਰੀਵਿਊ ਹੇਠ ਅਨੁਸਾਰ ਹੈ:-
ਕੀਮਤ: 14,700/- ਰੁਪਏ ਦਾ ਮੈਂ ਲਿਆ ਸੀ ਤੇ ਇਸ ਸਮੇਂ ਕੀਮਤ 14,990 ਰੁਪਏ (ਐਮਾਜ਼ੌਨ ਤੇ)।
ਗੁਣ:-
1. ਇਸ ਟੈਲੀਸਕੋਪ ਰਾਹੀਂ ਚੰਦ ਤੋਂ ਇਲਾਵਾ ਸ਼ੁੱਕਰ, ਸ਼ਨੀ ਅਤੇ ਬ੍ਰਹਸਪਤੀ ਦੇਖੇ ਜਾ ਸਕਦੇ ਹਨ।
2. ਚੰਦ ਬਿਲਕੁਲ ਸਾਫ ਨਜ਼ਰ ਆਉਂਦਾ ਹੈ, ਸ਼ਨੀ ਦੇ ਛੱਲੇ ਬਾਖੂਬੀ ਦੇਖੇ ਜਾ ਸਕਦੇ ਹਨ, ਇਸ ਤੋਂ ਇਲਾਵਾ ਜੂਪੀਟਰ/ ਬ੍ਰਹਸਪਤੀ ਦੇ ਚਾਰ ਚੰਦ Io, Europa, Ganymede ਅਤੇ Callisto ਵੀ ਬ੍ਰਹਸਪਤੀ ਦੇ ਗਿਰਦ ਰੋਜ਼ਾਨਾ ਆਪਣੀ ਦਿਸ਼ਾ ਬਦਲਦੇ ਦੇਖੇ ਜਾ ਸਕਦੇ ਹਨ।
3. ਜੇ ਨਜ਼ਰ ਠੀਕ ਠਾਕ ਹੈ ਤਾਂ “ਦਿ ਗਰੇਟ ਰੈੱਡ ਸਪਾਟ” ਵੀ ਦਿੱਖ ਜਾਂਦਾ, ਜੂਪੀਟਰ ਵਿੱਚ।
4. ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਇੱਕ ਚਮਕਦਾਰ ਨਿਬੂਲਾ ਵੀ ਦੇਖਿਆ ਇਸ ਰਾਹੀਂ।
5. ਕਿਉਬ ਦੀ ਕਵਾਲਿਟੀ ਸ਼ਾਨਦਾਰ ਹੈ ਪਰ ਟਰਾਪੌਡ ਹੋਰ ਬਿਹਤਰ ਹੋ ਸਕਦਾ ਸੀ, ਜਿਹੜੇ ਦੋਸਤ ਕੈਮਰੇ ਨਾਲ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਹਨ, ਉਨ੍ਹਾਂ ਨੂੰ ਇਸ ਟੈਲੀਸਕੋਪ ਤੋਂ ਉਪਰਲਾ ਵਰਜ਼ਨ ਐਸਟਰੋਮਾਸਟਰ ਲੈਣਾ ਚਾਹਿਦਾ ਹੈ, ਕਿਉਂਕਿ ਇਸ ਟੈਲੀਸਕੋਪ ਦੀ ਟਰਾਈਪੌਡ ਤੇ ਕੈਮਰਾ ਫਿਟ ਨਹੀਂ ਹੁੰਦਾ। ਫਰਕ ਸਿਰਫ 1500/-ਕੁ ਸੌ ਰੁਪਏ ਦਾ ਹੈ।
6. ਅਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ।
7. ਦਿਨ ਵਿੱਚ ਵੀ ਵਰਤਿਆ ਜਾ ਸਕਦਾ ਹੈ।
8. ਖਾਸ ਤੌਰ ਤੇ ਛੋਟੇ ਬੱਚਿਆਂ ਲਈ ਧੱਕੜ ਚੀਜ਼ ਹੈ, ਖਰਾਬ ਹੋਣ ਜਾਂ ਟੁੱਟਣ ਦਾ ਡਰ ਨਹੀਂ।
ਕਮੀਆਂ:-
ਓਹੀ ਟਰਾਈਪੌਡ ਵਾਲੀ, ਟਰਾਈਪੌਡ ਨੂੰ ਪੂਰਾ ਖੋਲਣ ਤੇ ਕੰਪਨ ਮਹਿਸੂਸ ਹੁੰਦੀ ਹੈ ਜੋ ਕਿ ਪਿਕਚਰ ਕਵਾਲਿਟੀ ਤੇ ਅਸਰ ਪਾਉਂਦੀ ਹੈ, ਪਰ ਇਸ ਨੂੰ ਟਰਾਈਪੌਡ ਦੀ ਉਚਾਈ ਘਟਾ ਕੇ ਦੂਰ ਕੀਤਾ ਜਾ ਸਕਦਾ ਹੈ।
ਨੋਟ:- ਜਿੰਨਾ ਗੁੜ ਪਾਈ ਜਾਓਗੇ ਉਨਾ ਮਿੱਠਾ……………………………..
ਟੈਲੀਸਕੋਪ ਕੋਈ ਵੀ ਹੋਵੇ,, ਮੈਂ ਇੱਕ ਗੱਲ ਮਹਿਸੂਸ ਕੀਤੀ ਹੈ, ਹੁਣ ਮੈਂ ਆਪਣੀ ਜ਼ਿੰਦਗੀ ਨੂੰ ਦੋ ਭਾਗਾਂ ਚ ਵੰਡ ਸਕਦਾ ਹਾਂ। ਇੱਕ ਟੈਲੀਸਕੋਪ ਰਾਹੀਂ ਤਾਰੇ, ਗ੍ਰਹਿ ਤੇ ਚੰਦ ਦੇਖਣ ਤੋਂ ਪਹਿਲਾਂ ਦੀ ਜਿੰਦਗੀ ਅਤੇ ਇਹ ਸਭ ਕੁੱਝ ਦੇਖਣ ਤੋਂ ਬਾਅਦ ਦੀ ਜਿੰਦਗੀ।
ਗੱਲ ਭਾਵੇਂ ਹਾਸੋਹੀਣੀ ਲੱਗੇ ਪਰ ਦੋਨਾ ਵਿੱਚ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਗ੍ਰਹਿ ਜੋ ਸਾਡੇ ਇਹ ਜਾਨਣ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਅਸਮਾਨ ਵਿੱਚ ਮੌਜੂਦ ਸਨ, ਰਾਤ ਨੂੰ ਦਿਖਦੇ ਸਨ, ਪਰ ਮੈਂ ਅਣਜਾਣ ਸੀ, ਆਮ ਤਾਰਿਆਂ ਵਾਂਗ ਇਨ੍ਹਾਂ ਨੂੰ ਦੇਖ ਲੈਂਦੇ ਸੀ, ਜਵਾਨੀ ਪੈਰੇ ਵਿੱਚ ਚੰਦ ਵੀ। ਇਨ੍ਹਾ ਨੂੰ ਕੋਈ ਫਰਕ ਨਹੀ। ਪਰ ਫਰਕ ਬੰਦੇ ਨੂੰ ਪੈਂਦਾ ਜਦੋਂ ਇਨ੍ਹਾਂ ਦੀ ਅਸਲੀਅਤ ਜਾਣਦਾ, ਜਦੋਂ ਸ਼ਾਮ ਨੂੰ ਛਿਪਦੇ ਵੱਲ ਦੇਖਦਾ “ਖੂਬਸੂਰਤੀ ਦੀ ਦੇਵੀ ਵੀਨਸ (ਸ਼ੁੱਕਰ)” ਨੂੰ , ਉਸ ਤੋਂ ਉੱਪਰ ਸ਼ਨੀ, ਉਸ ਤੋਂ ਉੱਪਰ ਬ੍ਰਹਸਪਤੀ, ਫਿਰ ਭਾਵੇਂ ਨਾਸਤਿਕ ਹੀ ਕਿਉਂ ਨਾ ਹੋਵੇ ਇੱਕ ਵਾਰ ਤਾਂ ਹੂਕ ਜਿਹੀ ਨਿਕਲਦੀ ਹੀ ਏ, ਕਿ ਕਿਵੇਂ ਸਾਡੇ ਸਿਰਾਂ ਤੇ ਸਾਜੇ ਨਿਵਾਜੇ ਨੇ ਇਹ ਉਸਨੇ, ਜੇ ਵਿਗਿਆਨੀ ਹੋ ਤਾਂ ਬਿੱਗ ਬੈਂਗ, ਜਾਂ ਫਲਾਣਾ ਫਲਾਣਾ ਫਲਾਣਾ,, ਕੁੱਝ ਵੀ ਕਹਿ ਲੋ,,,, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਤਾਰਿਆਂ ਨੂੰ।
ਅਸੀਂ ਪੱਛਮੀ ਦੇਸ਼ਾਂ ਤੋਂ ਕਿੰਨਾ ਕੁ ਪਿੱਛੇ ਹਾਂ, ਇਸ ਗੱਲ ਦਾ ਅੰਦਾਜਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜ਼ਰਾ ਕੁ ਬਾਅਦ ਆਉਣ ਵਾਲੇ ਗਲੈਲੀਓ ਨੇ ਉਸ ਸਮੇਂ ਚ ਬ੍ਰਹਸਪਤੀ ਦੇ ਉਹ ਚਾਰ ਚੰਦ ਦੇਖ ਲਏ ਸੀ ਜਿਨ੍ਹਾਂ ਦੇ ਅੱਜ ਸਾਨੂੰ ਨਾਮ ਵੀ ਨਹੀਂ ਚੇਤੇ। ਮੰਨਿਆ ਕਿ ਸਾਡੇ ਬੈਕ-ਯਾਰਡ ਨਹੀਂ ਪਰ ਸਾਡੇ ਖੁੱਲ੍ਹੇ ਵਿਹੜੇ ਤਾਂ ਹੈਗੇ, ਕਿੰਨੇ ਮਹੀਨੇ ਮੌਸਮ ਸਾਫ ਰਹਿੰਦਾ, ਬਰਫ਼ ਵੀ ਨਹੀਂ ਪੈਂਦੀ। ਖੁੱਲ੍ਹਾ ਟਾਇਮ ਹੈ। ਸੁੱਖ ਨਾਲ ਹੁਣ ਤਾਂ ਫੋਨ ਵੀ ਮਹਿੰਗੇ-2 ਲੈਣ ਜੋਗੇ ਹੋ ਗਏ, ਫਿਰ ਟੈਲੀਸਕੋਪ ਭਲਾ ਕੀ ਚੀਜ।
ਪਰ ਇੱਕ ਗੱਲ ਹੈ, ਮੈਂ ਪਿੰਡ ਦੇ ਇੱਕ 50 ਕੁ ਸਾਲ ਦੇ ਵਿਅਕਤੀ ਨੂੰ ਜੂਪੀਟਰ ਦਿਖਾ ਦਿੱਤਾ ਤੇ ਦੱਸਿਆ ਕਿ ਇਹ ਐਨਾ ਵੱਡਾ ਏ, ਐਨੀ ਦੂਰ ਹੈ, ਫਲਾਣਾ, ਫਲਾਣਾ……. ਅਗਲੇ ਦਿਨ ਉਹ ਮੈਨੂੰ ਮਿਲੇ ਤੇ ਕਹਿੰਦੇ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਡਰ ਲੱਗੀ ਗਇਆ ਕਿ ਕਿਤੇ ਉਹ ਗ੍ਰਹਿ ਧਰਤੀ ਪਰ ਨਾ ਗਿਰ ਜੇ….
ਹੁਣ ਮੈਂ ਮੁੱਦੇ ਤੇ ਆਵਾਂ ਤਾਂ ਕਹਿ ਸਕਦਾ ਹਾਂ ਕਿ ਮਿਡਲ ਕਲਾਸ ਆਮ ਨੌਕਰੀਪੇਸ਼ਾਵਰ ਇੱਥੋਂ ਤੱਕ ਕਿ ਦਿਹਾੜੀਦਾਰ ਬੰਦੇ ਲਈ 15 ਹਜ਼ਾਰ ਤੱਕ ਇਹ ਵਧੀਆ ਟੈਲੀਸਕੋਪ ਹੈ। ਜੇਕਰ ਬੱਚਾ ਵੱਡਾ ਹੈ ਤਾਂ ਉਸਦੀ ਕਲਾਸ ਤੇ ਆਪਣੀ ਰੁਚੀ ਅਨੁਸਾਰ ਵੱਧ ਪੈਸੇ ਵੀ ਲਗਾਏ ਜਾ ਸਕਦੇ ਹਨ। ਮੇਰਾ ਬੱਚਾ 2 ਸਾਲ 4 ਮਹੀਨੇ ਦਾ ਹੈ ਤੇ ਜੂਪੀਟਰ ਵੱਲ ਚੰਗੀ ਤਰ੍ਹਾਂ ਇਸ਼ਾਰਾ ਵੀ ਕਰ ਲੈਂਦਾ ਹੈ। ਉਹ ਜਦੋਂ ਤੱਕ ਇਹਨੂੰ ਤੋੜ-ਮਰੋੜ ਨਾ ਦੇਵੇ ਮੈਂ ਇਸ ਤੋਂ ਵਧੀਆ ਤੇ ਖਰਚੀਲਾ ਲੈਣ ਦੀ ਸੋਚਾਂਗਾ ਵੀ ਨਹੀਂ।