ਸ਼ੋਸ਼ਲ ਮੀਡੀਆ ਤੇ ਆਏ ਝੂਠੇ (fake) ਮੈਸਜ਼ਾਂ ਬਾਰੇ

ਅਕਸਰ ਕਿਹਾ ਜਾਂਦਾ ਹੈ ਕਿ ਗਿਆਨ ਇੱਕ ਅਜਿਹਾ ਖਜ਼ਾਨਾ ਹੈ ਜਿਸ ਨੂੰ ਜਿਨ੍ਹਾਂ ਵੰਡੋਗੇ ਉਨਾ ਵਧੇਗਾ | ਪਰ ਅੱਜ ਦੇ ਤਕਨੀਕੀ ਯੁਗ ਵਿਚ ਅਸੀਂ ਸ਼ੋਸ਼ਲ ਮੀਡੀਆ ‘ਤੇ ਕਿਹੋ ਜਿਹਾ ਗਿਆਨ ਵੰਡ ਰਹੇ ਹਾਂ ਜੋ ਤਰਕਹੀਣ, ਆਧਾਰਹੀਣ ਹੋਣ ਕਾਰਨ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਗੁੰਮਰਾਹ ਕਰ ਰਿਹਾ ਹੈ, ਅੰਧਵਿਸ਼ਵਾਸ਼ੀ ਬਣਾ ਰਿਹਾ ਹੈ | ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਸ਼ੋਸ਼ਲ ਮੀਡੀਆ ਦੇ ਸਾਧਨ ਵਟਸਐਪ ਅਤੇ ਫੇਸਬੁੱਕ ‘ਤੇ ਆਪੇ ਬਣੇ ਵਿਦਵਾਨ ਲੋਕ ਝੂਠੇ ਤੇ ਗੁੰਮਰਾਹਕੁਨ ਪ੍ਰਚਾਰ ਦੇ ਮੈਸਜ ਧੜਾਧੜ ਵੰਡ ਰਹੇ ਹਨ | ਇਸ ਲੜੀ ਵਿਚ ਉਹ ਲੋਕ ਵੀ ਪੂਰਾ ਯੋਗਦਾਨ ਪਾ ਰਹੇ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮੈਸਜਾਂ ਨੂੰ ਕਦੇ ਧਿਆਨ ਨਾਲ ਪੜਿਆ ਵੀ ਨਹੀਂ ਹੁੰਦਾ ਪਰ ਅਣਜਾਣੇ ਵਿਚ ਮੈਸਜ਼ਾਂ ਨੂੰ ਅੱਗੇ ਭੇਜਣ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹਨ |

ਪਰ ਉਹ ਲੋਕ ਇਹ ਨਹੀਂ ਸਮਝਦੇ ਕਿ ਇੱਕ ਝੂਠਾ ਮੈਸਜ ਮਿੰਟਾਂ-ਸਕਿੰਟਾਂ ਵਿਚ ਹਰ ਘਰ ਵਿਚ ਪਹੁੰਚ ਜਾਂਦਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਲੜਾਈ ਝਗੜਾ ਵੀ ਕਰਵਾ ਸਕਦਾ ਹੈ |
ਇਸ ਤਰ੍ਹਾਂ ਦੇ ਵਾਇਰਲ ਤੇ ਫੇਕ ਮੈਸਜ ਅਕਸਰ ਮੇਰੇ ਵਟਸਐਪ ਅਤੇ ਫੇਸਬੁੱਕ ‘ਤੇ ਵੀ ਆਉਂਦੇ ਹਨ ਪਰ ਮੈਂ ਇਹਨਾਂ ਮੈਸਜਾਂ ਨੂੰ ਅੰਨੇਵਾਹ ਅੱਗੇ ਭੇਜਣ ਦੀ ਬਜਾਏ ਇਹਨਾਂ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕਰਦਾ ਹਾਂ| ਸਾਨੂੰ ਸਿਰਫ ਉਹੀ ਮੈਸਜ ਸ਼ੇਅਰ ਜਾਂ ਅੱਗੇ ਭੇਜਣੇ ਚਾਹੀਦੇ ਹਨ ਜਿਨ੍ਹਾਂ ਵਿਚ ਸਮਾਜ ਨੂੰ ਕੋਈ ਚੰਗਾ ਸੁਨੇਹਾ ਹੋਵੇ ਅਤੇ ਕਾਨੂੰਨ ਦੀ ਉਲੰਘਣਾ ਨਾ ਕਰਦੇ ਹੋਣ |

earth, internet, globalisation

ਕਿਸੇ ਮੈਸਜ ਦੀ ਸੱਚਾਈ ਦਾ ਪਤਾ ਲਗਾਉਣ ਦੇ ਕਈ ਤਰੀਕੇ ਹਨ | ਇਹ ਤਰੀਕੇ ਤੁਹਾਨੂੰ ਇੰਟਰਨੈਟ ‘ਤੇ ਹੀ ਮਿਲਦੇ ਹਨ ਜਿਹਨਾਂ ਦੀ ਵਰਤੋਂ ਤੁਸੀਂ ਵੀ ਕਰ ਸਕਦੇ ਹੋ ਜਿਵੇਂ:-

1 . ਆਏ ਹੋਏ ਮੈਸਜ ਦਾ ਕੁਝ ਵਿਸ਼ੇਸ਼ ਭਾਗ ਕਾਪੀ ਕਰਕੇ ਗੂਗਲ ਵਿਚ ਸਰਚ ਕਰੋ| ਤੁਸੀਂ ਹੈਰਾਨ ਹੋਵੋਗੇ ਕਿ ਇਸ ਮੈਸਜ ਦੇ ਨਾਲ ਮਿਲਦੇ ਜੁਲਦੇ ਕਈ ਲਿੰਕ ਆ ਜਾਣਗੇ| ਇਹਨਾਂ ਨੂੰ ਖੋਲ ਕੇ ਚੈਕ ਕਰੋ ਕਿ ਇਹ ਕਿੰਨੀ ਤਾਰੀਖ ਨੂੰ ਪੋਸਟ ਕੀਤੇ ਗਏ ਹਨ | ਤਾਰੀਖ ਦੇਖ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਬਹੁਤ ਪੁਰਾਣਾ ਮੈਸਜ ਹੈ ਤੇ ਝੂਠਾ ਹੋ ਸਕਦਾ ਹੈ |

2 . ਅਕਸਰ ਇਸ ਤਰ੍ਹਾਂ ਦੇ ਮੈਸਜਾਂ ਵਿਚ ਕੋਈ ਮੋਬਾਇਲ ਨੰਬਰ ਵੀ ਲਿਖਿਆ ਹੁੰਦਾ ਹੈ | ਜੇਕਰ ਤੁਸੀਂ ਇਸ ਨੰਬਰ ਨੂੰ ਗੂਗਲ ਵਿਚ ਸਰਚ ਕਰੋ ਤਾਂ ਤੁਹਾਨੂੰ ਇਹ ਮੋਬਾਇਲ ਨੰਬਰ ਵਾਲੇ ਕਾਫੀ ਮੈਸਜ ਮਿਲ ਜਾਣਗੇ ਜਿਹਨਾਂ ਦੇ ਵਿਸ਼ੇ ਅਲੱਗ ਅਲੱਗ ਹੋਣਗੇ| ਜਿਸ ਤੋਂ ਪਤਾ ਲੱਗਦਾ ਹੈ ਕਿ ਮੈਸਜ ਵਿਚ ਗਲਤ ਨੰਬਰ ਵਰਤਿਆ ਗਿਆ ਹੈ ਅਤੇ ਇਹ ਮੈਸਜ ਝੂਠਾ ਹੈ |

3 . ਇਸ ਤਰ੍ਹਾਂ ਦੇ ਮੈਸਜ ਵਿਚ ਕੁਝ ਫੋਟੋਆਂ ਵੀ ਪਾਈਆਂ ਹੁੰਦੀ ਹੈ | ਗੂਗਲ ਕੁਝ ਲਿਖ ਕੇ ਸਰਚ ਕਰਨ ਦੇ ਨਾਲ ਨਾਲ, ਕਿਸੇ ਫੋਟੋ ਨਾਲ ਸਰਚ ਕਰਨ ਦੀ ਸੁਵਿਧਾ ਵੀ ਦਿੰਦਾ ਹੈ | ਤੁਸੀਂ ਗੂਗਲ ਵਿਚ ਸਰਚ ਬਾਏ ਇਮੇਜ ਆਪਸ਼ਨ ਚੁਣ ਕੇ ਮੈਸਜ ਨਾਲ ਆਈ ਫੋਟੋ ਨੂੰ ਅਪਲੋਡ ਕਰੋ | ਇਸ ਤਰ੍ਹਾ ਸਰਚ ਕਰਨ ਨਾਲ ਮੈਸਜ ਵਾਲੀ ਫੋਟੋ ਨਾਲ ਮਿਲਦੀਆਂ ਫੋਟੋਆਂ ਦੇ ਲਿੰਕ ਮਿਲ ਜਾਣਗੇ ਹੁਣ ਤੁਸੀਂ ਇਹਨਾਂ ਲਿੰਕਸ ਨੂੰ ਖੋਲ ਕੇ ਫੋਟੋ ਦੇ ਨਾਲ ਲਿਖੇ ਮੈਸਜ ਜਾਂ ਖਬਰ ਨੂੰ ਪੜ੍ਹ ਕੇ ਅਤੇ ਤਾਰੀਖ ਦੇਖ ਕੇ ਮੈਸਜ ਦੀ ਸਚਾਈ ਦਾ ਪਤਾ ਲਗਾ ਸਕਦੇ ਹੋ|

Scam-Alert-Pic

4 . ਕਈ ਵਾਰ ਸਾਨੂੰ ਕੁਝ ਮਸ਼ਹੂਰ ਕੰਪਨੀਆਂ ਦੇ ਨਾਂ ‘ਤੇ ਵੀ ਮੈਸਜ ਆਉਂਦੇ ਹਨ ਜਿਨ੍ਹਾਂ ਵਿਚ ਲਿਖਿਆ ਹੁੰਦਾ ਹੈ ਕਿ ਇਹ ਕੰਪਨੀ ਕੋਈ ਸਮਾਨ ਆਪਣੀ ਪ੍ਰਮੋਸ਼ਨ ਲਈ ਜਾਂ ਆਪਣੇ ਸਥਾਪਨਾ ਦਿਵਸ ਦੀ ਖੁਸ਼ੀ ਵਿਚ ਬਹੁਤ ਘੱਟ ਕੀਮਤ ‘ਤੇ ਦੇ ਰਹੀ ਹੈ| ਨਾਲ ਹੀ ਇੱਕ ਵੈਬਸਾਈਟ ਦਾ ਲਿੰਕ ਦਿੱਤਾ ਹੁੰਦਾ ਹੈ, ਜਿਸ ‘ਤੇ ਰਜਿਸਟਰ ਕਰਨ ਲਈ ਕਿਹਾ ਜਾਂਦਾ ਹੈ | ਇਸ ਤਰ੍ਹਾਂ ਦੇ ਲਿੰਕਸ ‘ਤੇ ਸਿਰਫ ਤੁਹਾਡੇ ਪਤੇ ਅਤੇ ਮੋਬਾਇਲ ਨੰਬਰ ਇਕੱਠੇ ਕੀਤੇ ਜਾਂਦੇ ਹਨ| ਇਸ ਤਰ੍ਹਾਂ ਦੀ ਵੈਬਸਾਈਟ ਦੇ ਲਿੰਕ ਦਾ ਨਾਂ ਬੜਾ ਅਜੀਬ ਜਿਹਾ ਲੰਬਾ ਚੌੜਾ ਹੁੰਦਾ ਹੈ ਜੋ ਕਿ ਅਸਲੀ ਕੰਪਨੀ ਦਾ ਪਤਾ ਨਹੀਂ ਹੁੰਦਾ | ਆਮ ਤੌਰ ‘ਤੇ ਮਸ਼ਹੂਰ ਕੰਪਨੀਆਂ ਜਾਂ ਸੰਸਥਾਵਾਂ ਦੇ ਵੈਬਸਾਈਟ ਦੇ ਐਡਰੈਸ ਬੜੇ ਸੌਖੇ ਹੁੰਦੇ ਹਨ ਜਿਵੇਂ amazon.com, amazon.in, jio.com, ideacellular.com, airtel.in ਅਤੇ ਸਰਕਾਰੀ ਵੈਬਸਾਈਟ ਦੇ ਨਾਂ ਦੇ ਪਿੱਛੇ .gov.in, .nic.in ਆਦਿ ਲਿਖਿਆ ਹੁੰਦਾ ਹੈ|
ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕਿਸੇ ਮਸ਼ਹੂਰ ਕੰਪਨੀ ਦੇ ਨਾਂ ‘ਤੇ ਮੈਸਜ ਆਉਂਦਾ ਹੈ ਤਾਂ ਗੂਗਲ ਵਿਚ ਸਰਚ ਕਰਕੇ ਉਸ ਕੰਪਨੀ ਦੀ ਅਸਲੀ ਵੈਬਸਾਈਟ ਖੋਲ ਕੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ |

ਧਿਆਨ ਰੱਖੋ:

• >ਕਿਸੇ ਮਸ਼ਹੂਰ ਹਸਤੀ ਦਾ ਨਾਂ ਲਿਖ ਕੇ ਭੇਜੇ ਮੈਸਜ ‘ਤੇ ਵੀ ਸ਼ੱਕ ਕਰਨਾ ਜਰੂਰੀ ਹੈ, ਇਹ ਝੂਠਾ ਵੀ ਹੋ ਸਕਦਾ ਹੈ ਅਤੇ ਇਸ ਦੀ ਤਹਿ ਤੱਕ ਜਰੂਰ ਜਾਣਾ ਚਾਹੀਦਾ ਹੈ |

• >ਅਖਬਾਰਾਂ ਦੀਆਂ ਖਬਰਾਂ ਦੇ ਹਵਾਲੇ ਵਾਲੇ ਮੈਸਜ ਵਿਚ ਖਬਰ ਦੀ ਤਾਰੀਖ ਜਰੂਰ ਪੜ੍ਹੋ |

• > ਮੈਸਜ ਵਿਚ ਆਈ ਫੋਟੋ ਨੂੰ ਪੂਰੇ ਧਿਆਨ ਨਾਲ ਦੇਖੋ, ਕਿ ਫੋਟੋ ਕੰਪਿਊਟਰ ਨਾਲ ਐਡਿਟ ਕੀਤੀ ਹੋਈ ਤਾਂ ਨਹੀਂ |

• >ਕਦੇ ਵੀ ਇਨਸਾਨੀਅਤ ਅਤੇ ਦੇਸ਼ ਭਗਤੀ ਦੇ ਨਾਂ ‘ਤੇ ਆਏ ਮੈਸਜ ਪੜ੍ਹ ਕੇ ਭਾਵੁਕ ਨਾ ਹੋਵੋ, ਸਭ ਤੋਂ ਪਹਿਲਾਂ ਉਪਰੋਕਤ ਤਰੀਕਿਆਂ ਨਾਲ ਮੈਸਜ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕਰੋ |

ਅੰਤ ਵਿਚ ਸਾਰਿਆ ਨੂੰ ਇਹੀ ਬੇਨਤੀ ਹੈ ਕਿ ਮੈਸਜ ਰਾਹੀਂ ਜਾਣਕਾਰੀ ਜਾਂ ਗਿਆਨ ਸਾਂਝਾ ਕਰਨਾ ਚੰਗੀ ਗੱਲ ਹੈ ਪਰ ਸਭ ਤੋਂ ਪਹਿਲਾਂ ਇਸ ਦੀ ਸੱਚਾਈ ਜਰੂਰ ਜਾਣ ਲਓ | ਜੇਕਰ ਤੁਸੀ ਚੰਗੀ ਜਾਣਕਾਰੀ ਜਾਂ ਗਿਆਨ ਲੋਕਾਂ ਨੂੰ ਦਿਓਗੇ ਤਾਂ ਹੋਰ ਲੋਕ ਇਸ ਤੋਂ ਜਾਣਕਾਰ ਹੋ ਕੇ ਦੂਜਿਆ ਨੂੰ ਜਾਗਰੂਕ ਕਰਨਗੇ|

Leave a Comment

Your email address will not be published. Required fields are marked *